• Thursday, August 06

ਬਠਿੰਡਾ ਦੇ ਰਹਿਣ ਵਾਲੇ ਕਿਸਾਨ ਦੇ ਆਤਮਹੱਤਿਆ ਕਰਨ ਦੇ ਤੀਸਰੇ ਦਿਨ ਵੀ ਸਸਕਾਰ ਨਹੀਂ ਹੋ ਸਕਿਆ

ਬਠਿੰਡਾ ਦੇ ਰਹਿਣ ਵਾਲੇ ਕਿਸਾਨ ਦੇ ਆਤਮਹੱਤਿਆ ਕਰਨ ਦੇ ਤੀਸਰੇ ਦਿਨ ਵੀ ਸਸਕਾਰ ਨਹੀਂ ਹੋ ਸਕਿਆ

ਜੈਤੋ (ਇੰਦਰਜੀਤ ਸਿੰਘ) : ਜਗਸੀਰ ਸਿੰਘ ਉਰਫ 'ਜੱਗਾ' ਵਾਸੀ ਪਿੰਡ ਕੋਟੜਾ ਕੋੜਿਆਂਵਾਲੀ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਕਿਸਾਨ ਦੇ ਆਤਮਹੱਤਿਆ ਕਰਨ ਦੇ ਤੀਸਰੇ ਦਿਨ ਵੀ ਸਸਕਾਰ ਨਹੀਂ ਹੋ ਸਕਿਆ। ਸੋਮਵਾਰ ਨੂੰ ਕਿਸਾਨ ਜਗਸੀਰ ਸਿੰਘ ਦੀ ਲਾਸ਼ ਸਬ ਡਵੀਜ਼ਨ ਦੇ ਵਿਹੜੇ 'ਚ ਰੱਖੀ ਹੋਈ ਸੀ।ਜ਼ਿਕਰਯੋਗ ਹੈ ਕਿ ਕਿਸਾਨ ਕੱਲ੍ਹ ਸ਼ਾਮ ਨੂੰ ਹੀ ਜਗਸੀਰ ਸਿੰਘ ਦੀ ਲਾਸ਼ ਸਿਵਲ ਹਸਪਤਾਲ ਜੈਤੋ 'ਚੋਂ ਆਪਣੇ ਕਬਜ਼ੇ 'ਚ ਲੈ ਕੇ ਧਰਨੇ ਵਾਲੀ ਜਗ੍ਹਾ ਵਿੱਚ ਲੈ ਆਏ ਸਨ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਪ੍ਰਸ਼ਾਸਨ ਨੇ ਜਾਣਬੁੱਝ ਕੇ ਉਸ ਜਗ੍ਹਾ ਦੀ ਬਿਜਲੀ ਬੰਦ ਕਰ ਦਿੱਤੀ ਹੈ, ਜਿਸ ਜਗ੍ਹਾ ਕਿਸਾਨ ਜਗਸੀਰ ਸਿੰਘ ਦੀ ਲਾਸ਼ ਫਰਿੱਜ ਵਿੱਚ ਪਈ ਸੀ, ਤਾਂ ਜੋ ਲਾਸ਼ ਖ਼ਰਾਬ ਹੋ ਜਾਵੇ ਅਤੇ ਯੂਨੀਅਨ ਨੂੰ ਮਜਬੂਰਨ ਆਪਣੇ ਆਗੂ ਦਾ ਸਸਕਾਰ ਕਰਨਾ ਪਵੇ। 

ਇਸ ਕਰਕੇ ਅਸੀਂ ਆਪਣੇ ਆਗੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਉਨ੍ਹਾਂ ਕਿਹਾ ਕਿ ਅਸੀਂ ਜਨਰੇਟਰ ਦਾ ਪ੍ਰਬੰਧ ਕਰਕੇ ਲਾਸ਼ ਦੀ ਹਿਫਾਜਤ ਖੁਦ ਕਰਾਂਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਤੋਂ ਬਾਜ਼ ਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਕੰਮ ਲੋਕਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਉੱਪਰ ਸਰਕਾਰ ਤਕ ਪਹੁੰਚਾਉਣਾ ਹੁੰਦਾ ਹੈ, ਪਰ ਇੱਥੇ ਪ੍ਰਸ਼ਾਸਨ ਉਲਟਾ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ 'ਤੇ ਤੁਲਿਆ ਹੋਇਆ।ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਉੱਪਰ ਪਾਏ ਬੇ-ਬੁਨਿਆਦ ਪਰਚੇ ਰੱਦ ਨਹੀਂ ਕੀਤੇ ਜਾਂਦੇ ਅਤੇ ਕਿਸਾਨ ਜਗਸੀਰ ਸਿੰਘ ਦੇ ਪਰਿਵਾਰ ਨੂੰ ਦਿੱਲੀ ਸਰਕਾਰ ਦੀ ਤਰਜ 'ਤੇ 1 ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਉਦੋਂ ਤਕ ਕਿਸਾਨ ਜਗਸੀਰ ਸਿੰਘ ਦੀ ਲਾਸ਼ ਦਾ ਨਾ ਤਾਂ ਪੋਸਟਮਾਰਟਮ ਕਰਨ ਦੇਣਗੇ ਅਤੇ ਨਾ ਹੀ ਉਸਦਾ ਸਸਕਾਰ ਕਰਾਂਗੇ। 

ਕੋਟਕਪੂਰਾ ਤੋਂ ਐੱਮਐੱਲਏ ਕੁਲਤਾਰ ਸਿੰਘ ਸੰਧਵਾਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਉੱਪਰ ਪਾਏ ਪਰਚੇ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਅਪਰਾਧੀ ਨਾ ਬਣਾਇਆ ਜਾਵੇ। ਅਕਾਲੀ ਦਲ ਦੇ ਫਰੀਦਕੋਟ ਤੋਂ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਧਰਨੇ ਵਿੱਚ ਪਹੁੰਚੇ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ, ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਯੂਨੀਅਨ ਆਗੂਆਂ ਨੇ ਕਿਹਾ ਅਸੀਂ ਅੰਦੋਲਨ ਨੂੰ ਹੋਰ ਵੀ ਤੇਜ਼ ਕਰਾਂਗੇ, ਸਾਡਾ ਅਗਲਾ ਕਦਮ ਕੀ ਹੈ, ਇਸ ਬਾਰੇ ਅਸੀਂ ਮੀਡੀਆ ਨੂੰ ਜਲਦ ਹੀ ਸੂਚਿਤ ਕਰਾਂਗੇ। ਖ਼ਬਰ ਲਿਖੇ ਜਾਣ ਤਕ ਸੁਣਨ ਵਿੱਚ ਆਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਨਾਲ ਯੂਨੀਅਨ ਦੇ ਆਗੂਆਂ ਦੀ ਗੱਲਬਾਤ ਚੱਲ ਰਹੀ ਸੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.