ਪ੍ਰੋਫੈਸ਼ਨਲ ਸਾਈਕਲਿੰਗ ਦੇ ਖੇਤਰ 'ਚ ਹੁਸ਼ਿਆਰਪੁਰ ਦਾ ਸ਼ਾਨਦਾਰ ਆਗਾਜ਼

ਹੁਸ਼ਿਆਰਪੁਰ (ਇੰਦਰਜੀਤ ਸਿੰਘ ਚਾਹਲ) : ਜਿਲ੍ਹਾ ਪ੍ਰਸਾਸ਼ਨ ਨੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ 122 ਕਿਲੋਮੀਟਰ ਸਾਈਕਲ ਰੇਸ ਕਰਵਾ ਕੇ ਪ੍ਰੋਫੈਸ਼ਨਲ ਸਾਈਕਲਿੰਗ ਦੇ ਖੇਤਰ ਵਿਚ ਸ਼ਾਨਦਾਰ ਆਗਾਜ਼ ਕਰ ਦਿੱਤਾ ਹੈ। ਚੋਟੀ ਦੇ 131 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਨੇ ਪੰਜਾਬ ਦੀ ਸਭ ਤੋਂ ਮੁਸ਼ਕਿਲ ਰੇਸ ਵਿਚ ਆਪਣਾ ਪਸੀਨਾ ਵਹਾਇਆ, ਕਿਉਂਕਿ ਅਰਧ ਪਹਾੜੀ ਏਰੀਏ ਵਿਚ ਕਾਫੀ ਚੜ੍ਹਾਈ ਦੇਖਣ ਨੂੰ ਮਿਲੀ। ਇਸ ਰੇਸ ਲਈ 180 ਸਾਈਕਲਿਸਟ ਵਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਅਤੇ ਅੱਜ 131 ਸਾਈਕਲਿਸਟ ਵਿਚੋਂ 57 ਸਾਈਕਲਿਸਟ ਨੇ ਪੂਰੀ ਰੇਸ ਮੁਕੰਮਲ ਕਰਦਿਆਂ ਹੁਸ਼ਿਆਰਪੁਰ ਜਿਲ੍ਹੇ ਦੇ ਭੂਗੋਲਿਕ ਖੇਤਰ ਦੀ ਸਰਾਹਨਾ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਓਵਰ ਆਲ ਪਹਿਲੀ ਪੁਜ਼ੀਸ਼ਨ ਇੰਡੀਅਨ ਰੇਲਵੇ ਦੇ ਸਾਈਕਲਿਸਟ ਅਰਵਿੰਦ ਪਨਵਰ ਨੇ ਹਾਸਲ ਕੀਤੀ, ਜਿਸ ਨੇ ਇਹ ਰੇਸ ਤਿੰਨ ਘੰਟੇ 20 ਮਿੰਟ ਵਿਚ ਮੁਕੰਮਲ ਕੀਤੀ। ਇਸ ਤੋਂ ਇਲਾਵਾ ਇੰਡੀਅਨ ਏਅਰ ਫੋਰਸ ਦੇ ਸਾਈਕਲਿਸਟ ਕ੍ਰਿਸ਼ਨ ਨਾਇਆ ਕੋਡੀ ਨੇ 3 ਘੰਟੇ 28 ਮਿੰਟ ਵਿਚ ਦੂਸਰੀ ਅਤੇ ਪੰਜਾਬ ਦੇ ਹਰਸ਼ਵੀਰ ਸੇਖੋਂ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। 

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਪਹਿਲੀ ਪੁਜ਼ੀਸ਼ਨ 'ਤੇ 1 ਲੱਖ ਰੁਪਏ, ਦੂਜੀ ਪੁਜ਼ੀਸ਼ਨ 'ਤੇ 75 ਹਜ਼ਾਰ ਅਤੇ ਤੀਜੀ ਪੁਜ਼ੀਸ਼ਨ 'ਤੇ ਰਹਿਣ ਵਾਲੇ ਸਾਈਕਲਿਸਟ ਨੂੰ 60 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ। ਇਸ ਤੋਂ ਇਲਾਵਾ 122 ਕਿਲੋਮੀਟਰ ਦੇ ਰਸਤੇ ਵਿਚ ਕਰੀਬ 8 ਕਿਲੋਮੀਟਰ ਤੱਕ ਦੀਆਂ ਦੋ ਮੁਸ਼ਕਿਲ ਚੜ੍ਹਾਈਆਂ ਸਰ ਕਰਨ ਵਾਲੇ ਸਾਇਕਲਿਸਟਾਂ ਨੂੰ ਫਸਟ ਪਰਾਈਮ ਅਤੇ ਸੈਕੰਡ ਪਰਾਈਮ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਸਟ ਪਰਾਈਮ ਵਿਚ ਬਹੂਹੀ ਤੋਂ ਕੋਠੀ ਲੱਗ ਦੀ 8 ਕਿਲੋਮੀਟਰ ਚੜ੍ਹਾਈ ਸਭ ਤੋਂ ਤੇਜ਼ ਚੜ੍ਹਾਨ ਵਾਲਿਆਂ ਵਿਚ ਇੰਡੀਅਨ ਰੇਲਵੇ ਦੇ ਅਰਵਿੰਦ ਪਨਵਰ ਪਹਿਲੇ 'ਤੇ, ਇੰਡੀਅਨ ਏਅਰ ਫੋਰਸ ਦੇ ਕ੍ਰਿਸ਼ਨਾ ਨਾਇਆ ਕੋਡੀ ਦੂਜੇ 'ਤੇ ਅਤੇ ਹਰਿਆਣਾ ਦੇ ਅਨਿਲ ਮੰਗਲਾ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਦੱਸਿਆ ਕਿ ਸੈਕੰਡ ਪਰਾਈਮ ਵਿਚ ਡਡਿਆਲੀ ਤੋਂ ਲੈਕੇ ਕਮਾਹੀ ਦੇਵੀ ਤੱਕ ਦੀ ਚੜ੍ਹਾਈ ਨੂੰ ਘੱਟ ਸਮੇਂ ਵਿਚ ਸਰ ਕਰਨ ਵਾਲੇ ਸਾਈਕਲਿਸਟ ਅਰਵਿੰਦ ਪਨਵਰ ਫਿਰ ਬਾਜ਼ੀ ਮਾਰ ਗਏ, ਜਦਕਿ ਹਿਮਾਚਲ ਪ੍ਰਦੇਸ਼ ਦੇ ਸ਼ਿਵੇਨ ਦੂਜੇ ਅਤੇ ਇੰਡੀਅਨ ਆਰਮੀ ਦੇ ਸਤੀਸ਼ ਕੁਮਾਰ ਤੀਸਰੇ ਸਥਾਨ 'ਤੇ ਰਹੇ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਸਟ ਪਰਾਈਮ ਵਿਚ ਪਹਿਲੀ ਪੁਜ਼ੀਸ਼ਨ 'ਤੇ 15 ਹਜ਼ਾਰ, ਦੂਜੀ 'ਤੇ 10 ਹਜ਼ਾਰ ਅਤੇ ਤੀਜੀ ਪੁਜ਼ੀਸ਼ਨ 'ਤੇ 75 ਸੌ ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ ਹਨ, ਜਦਕਿ ਸੈਕੰਡ ਪਰਾਈਮ ਵਿਚ ਵੀ ਉਕਤ ਅਨੁਸਾਰ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੇ 20 ਸਾਈਕਲਿਟ ਨੂੰ ਇਕ ਲੱਖ ਰੁਪਏ ਤੋਂ ਲੈਕੇ ਤਿੰਨ ਹਜ਼ਾਰ ਰੁਪਏ ਨਕਦ ਇਨਾਮ ਸਮੇਤ ਟਰਾਫੀ ਅਤੇ ਸਰਟੀਫਿਕੇਟਾਂ ਨਾਲ ਨਿਵਾਜ਼ਿਆ ਗਿਆ ਹੈ। ਸਾਈਕਲਿਸਟ ਨੂੰ ਸਨਮਾਨਿਤ ਕਰਨ ਦੌਰਾਨ, ਐਸ.ਐਸ.ਪੀ ਸ਼੍ਰੀ ਜੇ. ਏਲਨਚੇਲੀਅਨ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸ਼੍ਰੀ ਓਂਕਾਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.