ਕੈਨੇਡਾ ਸਰਕਾਰ ਦਾ ਨਵ-ਵਿਆਹੀਆਂ ਪੰਜਾਬਣਾਂ ਨੂੰ ਇਹ ਵੱਡਾ ਤੋਹਫ਼ਾ

ਕੈਨੇਡਾ ਸਰਕਾਰ ਦਾ ਨਵ-ਵਿਆਹੀਆਂ ਪੰਜਾਬਣਾਂ ਨੂੰ ਇਹ ਵੱਡਾ ਤੋਹਫ਼ਾ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੰਜਾਬ ਤੋਂ ਕੈਨੇਡਾ ਆਈਆਂ ਨਵ-ਵਿਆਹੀਆਂ ਪੰਜਾਬਣਾਂ ਦੇ ਹੌਸਲੇ ਕੈਨੇਡੀਅਨ ਸਰਕਾਰ ਨੇ ਬੁਲੰਦ ਕਰ ਦਿੱਤੇ ਹਨ। ਕੈਨੇਡਾ ਵਿਚ ਪੱਕੀਆਂ ਨਾ ਹੋਣ ਕਾਰਨ ਕੁਝ ਮੁਟਿਆਰਾਂ ਪਤੀ ਜਾਂ ਸਹੁਰਾ ਪਰਿਵਾਰ ਦੇ ਜ਼ੁਲਮ ਸਹਿੰਦੀਆਂ ਹਨ ਪਰ ਹੁਣ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਫੈਡਰਲ ਸਰਕਾਰ ਵਲੋਂ ਲਾਗੂ ਨਵੇਂ ਨਿਯਮਾਂ ਨਾਲ ਨਵੀਆਂ ਵਿਆਹੀਆਂ ਪੰਜਾਬਣਾਂ ਨੂੰ ਵੱਡੀ ਰਾਹਤ ਮਿਲ ਗਈ ਹੈ। ਕੈਨੇਡਾ ਸਰਕਾਰ ਅਜਿਹੀਆਂ ਹਿੰਸਾ ਪੀੜਤ ਮਹਿਲਾਵਾਂ ਨੂੰ ਬਗੈਰ ਫੀਸ ਤੋਂ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦੇਵੇਗੀ ਅਤੇ ਬਾਅਦ ਵਿਚ ਪੱਕਾ ਕਰ ਦਿੱਤਾ ਜਾਵੇਗਾ। 26 ਜੁਲਾਈ ਤੋਂ ਲਾਗੂ ਨਿਯਮ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਮੁਹੱਈਆ ਕਰਵਾਉਂਦੇ ਹਨ, ਜਿਨ੍ਹਾਂ ਨੂੰ ਕੈਨੇਡਾ ਵਿਚ ਪਰਿਵਾਰਕ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਨ੍ਹਾਂ ਰਾਹੀਂ ਨਵੇਂ ਆਉਣ ਵਾਲੇ ਪੰਜਾਬੀ ਮੁੰਡਿਆਂ ਨੂੰ ਵੀ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਕੁੜੀ ਵਾਲਿਆਂ ਦੀਆਂ ਵਧੀਕੀਆਂ ਝੱਲਣੀਆਂ ਪੈਂਦੀਆਂ ਹਨ। ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਜੂਨ ਵਿਚ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਰਾਹੀਂ ਕੱਚੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇੰਮੀਗ੍ਰੇਸ਼ਨ ਵਿਭਾਗ ਵਲੋਂ ਜਾਰੀ ਬਿਆਨ ਮੁਤਾਬਕ ਜੇ ਕਿਸੇ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਵਿਚ ਪੱਕੇ ਆਪਣੇ ਪਤੀ ਜਾਂ ਪਤਨੀ ਦੇ ਜ਼ੁਲਮ ਬਰਦਾਸ਼ਤ ਕਰਨੇ ਪੈ ਰਹੇ ਹਨ ਤਾਂ ਉਹ ਤੁਰੰਤ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਲੈਣ ਦਾ ਹੱਕਦਾਰ ਹੈ। ਇਨ੍ਹਾਂ ਜ਼ੁਲਮਾਂ ਵਿਚ ਸਿਰਫ ਕੁੱਟਮਾਰ ਜਾਂ ਜਿਸਮਾਨੀ ਸ਼ੋਸ਼ਣ ਹੀ ਸ਼ਾਮਲ ਨਹੀਂ, ਸਗੋਂ ਆਰਥਿਕ ਸ਼ੋਸ਼ਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮਿਸਾਲ ਵਜੋਂ ਪੰਜਾਬ ਤੋਂ ਵਿਆਹ ਕੇ ਲਿਆਂਦੀਆਂ ਮੁਟਿਆਰਾਂ ਨੂੰ ਡਰਾਇਆ ਜਾਂਦਾ ਹੈ ਕਿ ਜੇ ਉਨ੍ਹਾਂ ਨੇ ਹੋਰ ਦਾਜ ਨਾ ਲਿਆਂਦਾ ਤਾਂ ਘਰੋਂ ਕੱਢ ਦਿੱਤਾ ਜਾਵੇਗਾ। 

ਵਿਚਾਰੀਆਂ ਕੁੜੀਆਂ ਇਹ ਗੱਲਾਂ ਨਾ ਆਪਣੇ ਮਾਪਿਆਂ ਨੂੰ ਦੱਸਣ ਜੋਗੀਆਂ ਹੁੰਦੀਆਂ ਹਨ ਅਤੇ ਨਾ ਹੀ ਕਿਸੇ ਪਾਸੇ ਜਾਣ ਦਾ ਰਾਹ ਨਜ਼ਰ ਆਉਂਦਾ ਹੈ, ਜਿਸ ਦੇ ਸਿੱਟੇ ਵਜੋਂ ਘੁੱਟ-ਘੁੱਟ ਕੇ ਜ਼ਿੰਦਗੀ ਬਿਤਾਉਣ ਲਈ ਮਜਬੂਰ ਹੋ ਜਾਂਦੀਆਂ ਹਨ। ਕੈਨੇਡਾ ਸਰਕਾਰ ਦੇ ਨਵੇਂ ਨਿਯਮਾਂ ਨੇ ਪੰਜਾਬਣਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ਅਤੇ ਹੁਣ ਉਨ੍ਹਾਂ ਨੂੰ ਸਹੁਰੇ ਪਰਿਵਾਰ ਦਾ ਕੋਈ ਮੈਂਬਰ ਡਰਾ-ਧਮਕਾਅ ਨਹੀਂ ਸਕੇਗਾ। ਟੈਂਪਰੇਰੀ ਰੈਜ਼ੀਡੈਂਟ ਪਰਮਿਟ ਤਹਿਤ ਪੀੜਤ ਮਹਿਲਾਵਾਂ ਹੈਲਥ ਕੇਅਰ ਦੇ ਲਾਭ ਵੀ ਹਾਸਲ ਕਰ ਸਕਣਗੀਆਂ। ਆਰਜ਼ੀ ਪਰਮਿਟ ਦੀ ਘੱਟੋ-ਘੱਟ ਮਿਆਦ 180 ਦਿਨ ਹੋਵੇਗੀ ਅਤੇ ਬਾਅਦ ਵਿਚ ਬਗੈਰ ਫੀਸ ਤੋਂ ਓਪਨ ਵਰਕ ਪਰਮਿਟ ਜਾਰੀ ਕੀਤੇ ਜਾਣਗੇ। ਇੱਥੇ ਦੱਸਣਾ ਲਾਜ਼ਮੀ ਹੈ ਕਿ ਵਿਦੇਸ਼ੀ ਧਰਤੀ 'ਤੇ ਮੌਜੂਦ ਪੀੜਤਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.