Breaking News :

ਮੌਸਮ ਦੀ ਲੁਕਣਮਿਚੀ-ਕਣਕ ਲਈ ਖਾਦ ਦਾ ਕੰਮ , ਆਲੂ ਉਤਪਾਦਕਾਂ ‘ਚ ਚਿੰਤਾ

ਜਲੰਧਰ, 22 ਜਨਵਰੀ  , ਇੰਦਰਜੀਤ ਸਿੰਘ ਚਾਹਲ ( NRI MEDIA )

ਬਰਸਾਤ ਕਾਰਨ ਜਿਥੇ ਆਮ ਲੋਕ ਸੁੱਕੀ ਠੰਡ ਤੋਂ ਰਾਹਤ ਮਹਿਸੂਸ ਕਰ ਰਹੇ ਹਨ ਉਥੇ ਬਰਸਾਤ ਦੇ ਚਲਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਹਲਾਂਕਿ ਖੇਤੀਬਾੜੀ ਮਾਹਿਰਾਂ ਮੁਤਾਬਿਕ ਹੁਣ ਤਕ ਜਿੰਨੀ ਵੀ ਬਰਸਾਤ ਹੋਈ ਹੈ ਉਹ ਫਸਲਾਂ ਵਾਸਤੇ ਖਾਸ ਕਰਕੇ ਕਣਕ ਦੀ ਫਸਲ ਵਾਸਤੇ ਫਾਇਦੇਮੰਦ ਹੀ ਹੈ। ਪਰ ਜੇ ਆਉਂਦੇ ਦਿਨਾਂ ਵਿਚ ਹੋਰ ਬਰਸਾਤ ਹੁੰਦੀ ਹੈ ਤਾਂ ਆਲੂਆਂ ਤੇ ਸਬਜ਼ੀਆਂ ਦੀ ਫਸਲ ਵਾਸਤੇ ਪ੍ਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਹਨ। ਆਉਂਦੇ ਦਿਨਾਂ ਵਿਚ ਮੌਸਮ ਵਿਭਾਗ ਹੋਰ ਮੀਂਹ ਪੈਣ ਦੀ ਭਵਿੱਖ ਬਾਣੀ ਵੀ ਕਰ ਰਿਹਾ ਹੈ।

ਜਿਸ ਦੇ ਚਲਦੇ ਕਿਸਾਨਾਂ ਦੇ ਮੱਥੇ ਚਿੰਤਾਵਾਂ ਦੀਆਂ ਹਲਕੀਆਂ ਲਕੀਰਾਂ ਜਰੂਰ ਦਿਖਾਈ ਦੇ ਰਹੀਆਂ ਹਨ। ਕਿਸਾਨ ਅਵਤਾਰ ਸਿੰਘ ਸੈਦੋਵਾਲ, ਇਛਾ ਸਿੰਘ ਢੋਡ, ਜੱਸਾ ਸਿੰਘ ਨਾਗਰਾ, ਕਸ਼ਮੀਰ ਸਿੰਘ, ਯਾਦਵਿੰਦਰ ਸਿਘ ਆਦਿ ਨੇ ਗੱਲਬਾਤ ਦੌਰਾਨ ਦੱÎਸਿਆ ਕਿ ਕਣਕ ਦੀ ਫਸਲ ਵਾਸਤੇ ਤਾਂ ਬਰਸਾਤ ਚੰਗੀ ਹੈ ਪਰ ਜੇ ਮੀਂਹ ਹੋਰ ਪੈ ਗਿਆ ਤਾਂ ਆਲੂ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਕਿਉਕਿ ਆਲੂ ਦੇ ਖੇਤਾਂ ਵਿਚ ਪਾਣੀ ਭਰ ਜਾਣ ਕਾਰਨ ਵੱਟਾਂ ਤੋਂ ਮਿੱਟੀ ਉਤਰ ਜਾਂਦੀ ਹੈ ਤੇ ਪੁਟਾਈ ਲਈ ਤਿਆਰ ਆਲੂ ਨੰਗੇ ਹੋ ਕੇ ਹਰੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਕੋਈ ਖਰੀਦਦਾਰ ਨਹੀ ਮਿਲਦਾ ਹੈ।

ਕਿਸਾਨਾਂ ਅਨੁਸਾਰ ਮੀਂਹ ਨੇ ਆਲੂ ਦੀ ਪੁਟਾਈ ਵੀ 10 ਦਿਨ ਲੇਟ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੌਸਮ ਵਿਭਾਗ ਦੀ ਆਉਣ ਵਾਲੇ ਦਿਨਾਂ ਵਿਚ ਹੋਰ ਮੀਂਹ ਪੈਣ ਸੰਭਾਵਨਾ ਦੇ ਚਲਦੇ ਆਲੂ ਦੀ ਫਸਲ ਨੂੰ ਮੀਂਹ ਦੀ ਪਾਣੀ ਤੋਂ ਬਚਾਉਣ ਲਈ ਅਗੇਤੇ ਪ੍ਰਬੰਧ ਕਰ ਰਹੇ ਹਨ ਕਿਉਕਿ ਬੀਤੇ ਸਾਲਾਂ ਵਿਚ ਵੀ ਮੀਂਹ ਕਾਰਨ ਆਲੂ ਦੀ ਫਸਲ ਦਾ ਨੁਕਸਾਨ ਹੁੰਦਾ ਰਿਹਾ ਹੈ। ਆਲੂ ਉਤਪਾਦਕ ਕਿਸਾਨਾਂ ਨੂੰ ਤਾਂ ਪਹਿਲਾ ਹੀ ਫਸਲ ਦਾ ਭਾਅ ਨਹੀ ਮਿਲ ਰਿਹਾ ਹੈ।

-ਕੀ ਕਹਿੰਦੇ ਨੇ ਖੇਤੀਬਾੜੀ ਅਧਿਕਾਰੀ

ਇਸ ਸਬੰਧੀ ਬਲਾਕ ਖੇਤੀਬਾੜੀ ਅਫਸਰ ਕਪੂਰਥਲਾ ਡਾ ਐਚਐਸ ਭਰੋਤ ਦਾ ਕਹਿਣਾ ਹੈ ਕਿ ਜਿਲੇ ਵਿਚ ਕਰੀਬ 1 ਲੱਖ 20 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਵੀ ਫਸਲ ਹੈ। ਮੀਂਹ ਕਾਰਨ ਕਣਕ ਦੀ ਫਸਲ ਨੂੰ ਫਾਇਦਾ ਹੀ ਹੈ ਤੇ ਮੀਂਹ ਫਸਲ ਵਾਸਤੇ ਖਾਦ ਦਾ ਕੰਮ ਕਰੇਗਾ। ਹਲਾਂਕਿ ਉਨ੍ਹਾਂ ਕਿਹਾ ਕਿ ਜੇ ਆਉਂਦੇ ਦਿਨਾਂ ਵਿਚ ਬੱਦਲਵਾਰੀ ਬਣੀ ਰਹਿੰਦੀ ਹੈ ਤਾਂ ਕਿਸਾਨ ਪੀਲੀ ਕੁੰਗੀ ਦੇ ਹਮਲੇ ਤੋਂ ਸੁਚੇਤ ਰਹਿਣ ਤੇ ਬਿਮਾਰੀ ਦੇ ਲੱਛਣ ਨਜ਼ਰ ਆਉਣ ਤੇ 200 ਮਿਲੀਲੀਟਰ ਟਿਲਟ ਦਿਵਾਈ ਦਾ ਛਿੜਕਾਅ ਕਰਨ। ਆਲੂਆਂ ਦੀ ਫਸਲ ਤੇ ਵੀ ਪਛੇਤੀ ਬਲਾਇਟ ਦਾ ਹਮਲਾ ਹੋ ਸਕਦਾ ਹੈ ਤੇ ਇਸਦੀ ਰੋਕਥਾਮ ਵਾਸਤੇ ਇੰਡੋਫਿਲ ਐਮ-45 ਪ੍ਰਤੀ ਏਕੜ 500-700 ਗ੍ਰਾਮ ਸਪਰੇਅ ਕਰ ਸਕਦੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.