Amazon ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਤੇ UN ਤੇ ਫਰਾਂਸ ਨੇ ਪ੍ਰਗਟਾਈ ਚਿੰਤਾ

Amazon ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਤੇ UN ਤੇ ਫਰਾਂਸ ਨੇ ਪ੍ਰਗਟਾਈ ਚਿੰਤਾ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਐਮਾਜ਼ੋਨ ਦੇ ਵਰਖਾ ਵਣਾਂ 'ਚ ਲੱਗੀ ਭਿਆਨਕ ਅੱਗ 'ਤੇ ਸੰਯੁਕਤ ਰਾਸ਼ਟਰ (ਯੂਐੱਨ) ਤੇ ਫਰਾਂਸ ਨੇ ਚਿੰਤਾ ਪ੍ਰਗਟਾਈ ਹੈ। ਯੂਐੱਨ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਇਕ ਟਵੀਟ 'ਚ ਕਿਹਾ, 'ਦੁਨੀਆ ਹਾਲੇ ਜਲਵਾਯੂ ਸੰਕਟ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਅਸੀਂ ਆਕਸੀਜਨ ਤੇ ਜੈਵ ਵਨਸੁਵੰਨਤਾ ਦੇ ਸਭ ਤੋਂ ਵੱਡੇ ਸਰੋਤ 'ਚ ਜ਼ਿਆਦਾ ਨੁਕਸਾਨ ਸਹਿਣ ਨਹੀਂ ਕਰ ਸਕਦੇ। ਐਮਾਜ਼ੋਨ ਦੇ ਜੰਗਲਾਂ ਨੂੰ ਸੰਭਾਲਿਆ ਜਾਣਾ ਜ਼ਰੂਰੀ ਹੈ।' ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਇਨ੍ਹਾਂ ਜੰਗਲਾਂ 'ਚ ਲੱਗੀ ਅੱਗ ਨੂੰ ਕੌਮਾਂਤਰੀ ਸੰਕਟ ਦੱਸਿਆ ਹੈ। 

ਉਨ੍ਹਾਂ ਕਿਹਾ, ਸਾਡਾ ਘਰ ਸੜ ਰਿਹਾ ਹੈ। ਆਉਣ ਵਾਲੀ 24 ਤੋਂ 26 ਅਗਸਤ ਨੂੰ ਹੋਣ ਵਾਲੇ ਜੀ-7 ਸੰਮੇਲਨ 'ਚ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਵੀ ਮੈਕਰੋਨ ਦੇ ਪ੍ਰਸਤਾਵ ਦੀ ਹਮਾਇਤ ਕਰਦਿਆਂ ਜੀ-7 'ਚ ਐਮਾਜ਼ੋਨ ਦਾ ਮੁੱਦਾ ਉਠਾਏ ਜਾਣ ਦੀ ਗੱਲ ਕੀਤੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਆਪਣੇ ਫਰਾਂਸਿਸੀ ਹਮਰੁਤਬਾ 'ਤੇ ਐਮਾਜ਼ੋਨ ਦੇ ਮਾਮਲੇ 'ਚ ਉਪਨਿਵੇਸ਼ਵਾਦੀ ਮਾਨਸਿਕਤਾ ਰੱਖਣ ਦਾ ਦੋਸ਼ ਲਾਇਆ ਹੈ। ਨਾਲ ਹੀ ਹੋਰਨਾਂ ਦੇਸ਼ਾਂ ਨੂੰ ਇਸ ਮਾਮਲੇ 'ਚ ਦਖ਼ਲ ਨਾ ਦੇਣ ਦੀ ਨਸੀਹਤ ਦਿੱਤੀ ਹੈ। 

ਧਰਤੀ ਦੀ 20 ਫ਼ੀਸਦੀ ਆਕਸੀਜਨ ਦੇਣ ਵਾਲੇ ਐਮਾਜ਼ੋਨ ਦੇ ਜੰਗਲਾਂ 'ਚ ਬੀਤੇ ਦੋ ਹਫ਼ਤਿਆਂ ਤੋਂ ਲੱਗੀ ਅੱਗ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਇਨ੍ਹਾਂ ਜੰਗਲਾਂ ਦਾ 60 ਫ਼ੀਸਦੀ ਹਿੱਸਾ ਬ੍ਰਾਜ਼ੀਲ 'ਚ ਪੈਂਦਾ ਹੈ। ਇਸ ਅੱਗ ਨਾਲ ਸਾਓ ਪਾਓਲੋ ਸਮੇਤ ਬ੍ਰਾਜ਼ੀਲ ਦੇ ਕਈ ਸ਼ਹਿਰ ਤੇ ਆਲੇ ਦੁਆਲੇ ਦੇ ਦੇਸ਼ ਵੀ ਪ੍ਰਭਾਵਿਤ ਹੋਏ ਹਨ। ਐਮਾਜ਼ੋਨ 'ਚ ਲੱਗੀ ਅੱਗ ਕਾਰਨ ਪੇਰੂ ਵੀ ਹਾਈ ਅਲਰਟ 'ਤੇ ਹੈ। ਦੱਖਣੀ ਅਮਰੀਕੀ ਦੇਸ਼ ਪਰਾਗਵੇ ਤੇ ਬੋਲੀਵੀਆ ਦੇ ਹਿੱਸੇ 'ਚ ਆਉਣ ਵਾਲੇ ਵਰਖਾ ਵਣਾਂ 'ਚ ਵੀ ਅੱਗ ਨਾਲ ਵੱਡਾ ਨੁਕਸਾਨ ਹੋਇਆ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.